ਕਿਸਾਨਾਂ ਕੋਲੋਂ, ਕਰਜਾ ਮੁਆਫੀ ਦੇ ਨਾਮ ਤੇ ਵੋਟਾਂ ਬਟੋਰਨ ਵਾਲੇ, ਭੇਖੀ ਨੇਤਾ ਹੀ, ਗੋਲੀਆਂ ਮਰਵਾਉਣ ਦੇ ਅਸਿੱਧੇ ਤੌਰ ਤੇ ਜਿੰਮੇਵਾਰ-ਭੱਟੀ ਫਰਾਂਸ
-ਝੂਠੇ ਲਾਰੇ ਲਾਉਣ ਵਾਲੇ ਸਿਆਸਤਦਾਨਾਂ ਤੇ, ਕਾਨੂੰਨਣ, ਹੇਰਾ ਫੇਰੀ ਦਾ ਕੇਸ ਬਣਦਾ ਹੈ, ਪਰ ਅਦਾਲਤਾਂ ਖਾਮੋਸ਼ ਹਨ, ਕਿਉਂ।
-ਛੋਟੀ ਪੱਧਰ ਦੇ ਨੇਤਾ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰੇਕ ਨੇ, ਕਿਸਾਨਾਂ ਨਾਲ, ਕਰਜਾ ਮੁਆਫੀ ਦਾ ਖਿਲਵਾੜ ਕੀਤਾ ਹੈ, ਕਿਉਂ।
-ਗਰੀਬ ਅਤੇ ਮੱਧ ਵਰਗ ਦੇ ਲੋਕਾਂ ਉਪਰ ਧੋਖਾਧੜੀ ਦੇ ਅਨੇਕਾਂ ਕੇਸ ਅਦਾਲਤਾਂ ਦੀ ਨਿਗਰਾਨੀ ਹੇਠ, ਪਰ ਸਿਆਸਤ ਦਾਨ ਭੱਦਰਪੁਰਸ਼, ਕਿਉਂ।
-ਹਰ ਸਟੇਟ ਦੀ ਪੋਲੀਸ, ਸਟੇਟ ਸਰਕਾਰਾਂ ਦੇ ਦਬਾਅ ਹੇਠ, ਵਿਖਾਵਾਕਾਰੀਆਂ ਤੇ ਹੀ ਲਾਠੀਚਾਰਜ ਕਰਦੀ ਹੈ, ਕਿਉਂ।
ਪੈਰਿਸ 9 ਜੂਨ (ਪੰਜਾਬ ਐਕਸਪ੍ਰੈਸ ਨਿਊਜ਼)- ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ, ਅਜੋਕੇ ਸਮੇਂ ਦੇ ਹਾਕਮਾਂ ਨੂੰ ਸਵਾਲ ਕਰਦਿਆਂ ਕਿਹਾ ਕਿ, ਕੀ, ਇਹ ਹੀ ਤੁਹਾਡੀ ਦੇਸ਼ ਭਗਤੀ ਅਤੇ ਕਿਸਾਨਾਂ ਪ੍ਰਤੀ ਉਸਾਰੂ ਸੋਚ ਹੈ ਕਿ, ਜਦੋਂ ਤਾਂ ਵੋਟਾਂ ਚਾਹੀਦੀਆਂ ਹੁੰਦੀਆਂ ਹਨ, ਤਾਂ ਤੁਸੀਂ ਡਰਾਮੇ ਕਰਦੇ ਨਹੀਂ ਥੱਕਦੇ, ਗਿਰਗਿਟ ਵਾਂਗ ਰੰਗ ਬਦਲ, ਨਿੰਮੋਝੂਣੇ ਹੋ, ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਉਨਾਂ ਦੇ ਘਰਾਂ ਵਿੱਚ ਜਾ ਕੇ, ਪ੍ਰੀਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋ। ਫਿਰ ਜਦੋਂ ਰਾਜ ਭਾਗ ਤੁਹਾਡੇ ਹੱਥ ਆ ਜਾਵੇ, ਤਾਂ ਤੁਸੀਂ ਬਜਟ ਦੇ ਬਹਾਨੇ ਬਣਾ ਕੇ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੰਦੇ ਹੋ, ਕੀ, ਜਦੋਂ ਤੁਸੀਂ ਵੋਟਾਂ ਲੈਣ ਵਾਸਤੇ, ਝੂਠੀਆਂ ਕਸਮਾਂ ਖਾਦੇ ਹੋ, ਜਾਂ ਹੋਰ ਫੋਕੇ ਵਾਅਦੇ ਕਰਦੇ ਹੋ, ਤਾਂ ਉਸ ਵਕਤ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਲੈਕਸ਼ਨਾਂ ਜਿੱਤਣ ਉਪਰੰਤ, ਕਿਸਾਨਾਂ ਦੇ ਕਰਜੇ ਮੁਆਫੀ ਵਾਸਤੇ ਪੈਸਾ ਕਿੱਥੋਂ ਆਵੇਗਾ। ਕਿਸਾਨਾਂ ਦਾ ਤਾਂ ਕੋਈ ਕਸੂਰ ਨਹੀਂ, ਉਹ ਤਾਂ ਭੋਲੇਪਨ ਵਿੱਚ, ਤੁਹਾਡੀਆਂ ਲੂੰਮੜਚਾਲਾਂ ਵਿੱਚ ਫਸਣ ਉਪਰੰਤ, ਇਹ ਸੋਚ ਕੇ ਵੋਟਾਂ ਪਾ ਦਿੰਦੇ ਹਨ, ਕਿ ਪਤਾ ਨਹੀਂ, ਏ ਬੀ ਸੀ ਵਿੱਚੋਂ, ਕਿਹੜੀ ਪਾਰਟੀ, ਸਾਡਾ ਕਰਜਾ ਮੁਆਫ ਕਰ ਦੇਵੇ, ਫਿਰ ਸ਼ਾਇਦ ਅਸੀਂ ਵੀ ਸੁਖ ਦਾ ਸਾਹ ਲਵਾਂਗੇ, ਪਰ ਇਨਾਂ ਭੋਲੇ ਕਿਸਾਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਿਸ ਨੇਤਾ ਜੀ ਉਪਰ ਵਿਸ਼ਵਾਸ਼ ਪ੍ਰਗਟਾ ਕੇ ਉਹ ਵੋਟਾਂ ਪਾਉਣ ਜਾ ਰਹੇ ਹਨ, ਜਿੱਤਣ ਉਪਰੰਤ ਉਹ ਹੀ ਉਨਹਾਂ ਦੀ ਮੌਤ ਦਾ ਕਾਰਨ ਬਣੇਗਾ। ਹੁਣੇ ਹੀ ਪਿਛਲੇ ਦਿਨੀਂ ਹੋਈਆਂ ਪੰਜਾਬ ਚੋਣਾਂ ਦੇ ਵਕਤ ਵੀ, ਪੰਜਾਬ ਦੀ ਅਜਿਹੀ ਕੋਈ ਰਾਜਸੀ ਪਾਰਟੀ ਨਹੀਂ ਸੀ, ਐਨ ਆਰ ਆਈ ਵੀਰਾਂ ਸਾਹਿਤ, ਜਿਨਾਂ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਂ ਉਨਾਂ ਦੇ ਕਰਜੇ ਮੁਆਫੀ ਦੀ ਗੱਲ ਨਾ ਕੀਤੀ ਹੋਵੇ, ਨਤੀਜਾ ਸਭ ਦੇ ਸਾਹਮਣੇ ਹੈ, ਸੋਸ਼ਲ ਮੀਡੀਏ ਤੇ ਟਾਹਰਾਂ ਮਾਰਨ ਵਾਲੇ ਅਤੇ ਕਿਸਾਨਾਂ ਦੇ ਦਰਦਮੰਦ ਸਾਡੇ ਵੀਰ ਅੱਜ ਚੁੱਪ ਕਿਉਂ ਹਨ।
ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਹਾਲ ਤੁਸੀਂ, ਅਖਬਾਰਾਂ, ਟੈਲੀਵੀਜਨਾਂ ਅਤੇ ਸੋਸ਼ਲ ਮੀਡੀਏ ਤੇ ਦੇਖ ਹੀ ਰਹੇ ਹੋ, ਕਿਸਾਨ ਮਰ ਰਿਹਾ ਹੈ, ਉਸਨੂੰ, ਕਰਜਾ ਮੁਆਫੀ ਦੀ ਮੰਗ ਮੰਗਣ ਕਾਰਨ, ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਅੰਦੋਲਨਕਾਰੀ ਇਹ ਕਿਸਾਨ, ਹਿੰਸਾ ਨਾਲ ਨਹੀਂ, ਬਲਕਿ ਸ਼ਾਂਤਮਈ ਧਰਨਾ ਦੇ ਕੇ ਮੰਗਾਂ ਮਨਵਾਉਣ ਆਏ ਸਨ। ਬੈਂਕਾਂ ਸਾਹਿਤ, ਸਰਕਾਰ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਕਸੂਰਵਾਰ ਠਹਿਰਾਉਣ ਵਾਸਤੇ ਹੀ, ਪੋਲੀਸ ਅਤੇ ਸਰਕਾਰੀ ਵਿਚੋਲਿਆਂ ਨੇ ਸਾਂਝੇ ਤੌਰ ਤੇ ਗਿਣੀ ਮਿਥੀ ਸਾਜਿਸ਼ ਤਹਿਤ, ਅੰਦੋਲਨਕਾਰੀਆਂ ਨੂੰ ਹਿੰਸਾ ਫੈਲਾਉਣ ਅਤੇ ਅੱਗਜਨੀ ਵਾਸਤੇ ਉਕਸਾਇਆ, ਵਰਨਾ ਉਹ ਤਾਂ ਸ਼ਾਂਤ ਚਿੱਤ ਬੈਠੇ, ਕਰਜਾ ਮੁਆਫੀ ਦੀ ਮੰਗ ਹੀ ਤਾਂ ਕਰ ਰਹੇ ਸਨ, ਜਿਸਦਾ ਵਾਅਦਾ ਸਰਕਾਰੀ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕੀਤਾ ਹੋਇਆ ਹੈ। ਇਸ ਕਰਕੇ ਸਾਰਾ ਡਰਾਮਾਂ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਅਤੇ ਸਰਕਾਰੀ ਖਜਾਨੇ ਤੇ ਕਰਜਾ ਮੁਆਫੀ ਦਾ ਬੋਝ ਨਾ ਪਵੇ, ਦਾ ਉਪਾਉ ਲੱਭਣ ਵਾਸਤੇ ਹੀ ਬਿਨਾਂ ਕਾਰਨ ਗੋਲੀਆਂ ਚਲਾ ਕੇ ਕਿਸਾਨਾਂ ਦੀ ਹੱਤਿਆ ਕੀਤੀ ਗਈ ਹੈ। ਜਿਸਦੀ ਜਿੰਮੇਵਾਰ ਮੌਕੇ ਤੇ ਤਾਇਨਾਤ ਪੋਲੀਸ ਹੀ ਹੈ, ਨਾਂ ਕਿ ਧਰਨਾਕਾਰੀ ਕਿਸਾਨ। ਪੋਲੀਸ ਦੀ ਨਾਸਮਝੀ ਅਤੇ ਅਣਗਹਿਲੀ ਨੇ ਜਿਤਨਾਂ ਨੁਕਸਾਨ ਸਰਕਾਰੀ ਬੱਸਾਂ, ਪ੍ਰਾਈਵੇਟ ਵਾਹਨਾਂ ਅਤੇ ਹੋਰ ਪ੍ਰਾਪਰਟੀਆਂ ਦਾ ਕਰਵਾਇਆ ਹੈ, ਜੇਕਰ, ਇਸ ਹੋਏ ਨੁਕਸਾਨ ਦੇ ਅੰਦਾਜਨ ਰਕਮ ਤੋਂ ਵੀ ਘੱਟ ਪੈਸੇ, ਸਰਕਾਰ, ਬਿਨਾਂ ਹੀਲ ਹੁਜਤ ਦੇ, ਕਿਸਾਨਾਂ ਨੂੰ ਕੁਝ ਰਕਮ ਦੇ ਦਿੰਦੇ ਤਾਂ, ਇਸ ਨਾਲ ਕਿਸਾਨ ਵੀ ਖੁਸ਼ ਹੁੰਦਾ ਤੇ ਸਰਕਾਰੀ ਜਾਇਦਾਦਾਂ ਵੀ ਬਚ ਜਾਂਦੀਆਂ। ਹੁਣ ਉਪਰੋਂ, ਰਿਜਰਵ ਬੈਂਕ ਵੀ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਕਰਜੇ ਮੁਆਫ ਹੋਣ ਨਾਲ, ਮਹਿੰਗਾਈ ਵਧਣ ਦੇ ਡਰ ਦੇ ਨਾਲ ਨਾਲ, ਇਕੋਨਮੀ ਵੀ ਡਾਵਾਂਡੋਲ ਹੋ ਸਕਦੀ ਹੈ, ਆਦਿ ਆਦਿ। ਹੁਣ ਸਵਾਲ ਉੱਠਦਾ ਹੈ ਕਿ ਜਦੋਂ ਭਾਰਤ ਦੇ ਇਹ ਸਿਆਸਤਦਾਨ ਝੂਠੇ ਲਾਰੇ ਲਾ ਕੇ ਵੋਟਾਂ ਬਟੋਰਨ ਦਾ ਸੁਆਂਗ ਰਚਦੇ ਹਨ, ਕੀ ਉਸ ਵਕਤ ਰਿਜਰਵ ਬੈਂਕ ਦੇ ਅਹੁਦੇਦਾਰ ਕੁੰਭ ਕਰਨੀ ਨੀਂਦ ਸੁੱਤੇ ਹੁੰਦੇ ਹਨ, ਜਾਂ ਉਨਾਂ ਦੇ ਕੰਨਾਂ ਤੱਕ, ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਲਚਾਂ ਦੀ ਅਵਾਜ ਨਹੀਂ ਪਹੁੰਚਦੀ। ਬੈਂਕਾਂ ਨੂੰ ਸਭ ਪਤਾ ਹੁੰਦਾ ਹੈ, ਕਿਉਂਕਿ ਕਿਸਾਨਾਂ ਦੀ ਕੁਰਕੀ ਕਰਨ ਅਤੇ ਕਰਵਾਉਣ ਵੇਲੇ, ਬੈਂਕ ਅਧਿਕਾਰੀ ਅਤੇ ਸਿਆਸਤਦਾਨਾਂ,ਦੋਹਾਂ ਦੇ ਸਾਂਝੇ ਦਸਤਖਤ ਹੁੰਦੇ ਹਨ। ਇਸ ਕਰਕੇ ਬਜਟ ਵਾਲੀ ਕਹਾਣੀ, ਬੈਂਕਾਂ ਅਤੇ ਸਿਆਸਤਦਾਨਾਂ ਦੀ ਸਹਿਮਤੀ ਨਾਲ ਹੀ ਘੜੀ ਜਾ ਰਹੀ ਹੈ। ਵੋਟਾਂ ਪਾਉਣ ਵੇਲੇ ਕਿਸਾਨ ਤਾਂ ਸ਼ਰਤਾਂ ਨਹੀਂ ਰੱਖਦੇ ਕਿ ਅਸੀਂ ਤੁਹਾਨੂੰ ਵੋਟ ਤਾਂ ਪਾਵਾਂਗੇ, ਜੇਕਰ ਤੁਸੀਂ ਸਾਡਾ ਕਰਜਾ ਮੁਆਫ ਕਰੋਗੇ, ਬਲਕਿ ਸਿਆਸਤਦਾਨ ਕਿਸਾਨ ਦੀਆਂ ਕਮਜੋਰੀਆਂ ਦਾ ਫਾਇਦਾ ਉਠਾ ਕੇ ਆਪ ਐਲਾਨ ਕਰਦੇ ਹਨ ਕਿ ਤੁਹਾਡੇ ਕਰਜੇ ਅਸੀਂ ਮੁਆਫ ਕਰਾਂਗੇ, ਗਰੀਬਾਂ ਨੂੰ ਆਹ ਦਿਆਂਗੇ, ਉਹ ਦਿਆਂਗੇ, ਪਰ ਇਹ ਸਾਰੇ ਡਰਾਮੇ ਅਤੇ ਫੋਕੇ ਲਾਰੇ, ਸਿਰਫ ਤੇ ਸਿਰਫ, ਵੋਟਾਂ ਪੈਣ ਦੇ ਵਕਤ ਤੱਕ ਨਜਰ ਆਉਂਦੇ ਹਨ, ਉਸਤੋਂ ਬਾਅਦ ਤਾਂ, ਮੇਰੀ ਨਜਰੇ, ਪਹੁੰਚ ਵਾਲੇ ਵਰਗ ਤੋਂ ਬਿਨਾਂ, ਸਧਾਰਣ ਜਨਤਾ ਨੂੰ ਸਰਕਾਰੇ ਦਰਬਾਰੇ, ਸਹੂਲਤਾਂ ਦੀ ਜਗਾਹ ਧੱਕੇ ਹੀ ਪੈਂਦੇ ਹਨ।
ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਸਾਹਿਤ ਹੋਰਨਾਂ ਕਈ ਸਟੇਟਾਂ ਦਾ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ, ਪੰਜਾਬ ਦਾ ਕਿਸਾਨ ਵੀ ਨਿੰਮੋਝੂਣਾ ਹੋ ਅੱਖਾਂ ਅੱਡੀ, ਕੈਪਟਨ ਸਰਕਾਰ ਵੱਲ ਦੇਖ ਰਿਹਾ ਹੈ। ਸਰਕਾਰ ਵੱਲੋਂ ਕਰਜਾ ਮੁਆਫੀ ਵਾਸਤੇ ਤਾਂ ਕੋਈ ਹਿੱਲਜੁੱਲ ਨਹੀਂ ਹੋ ਰਹੀ, ਉਲਟਾ ਰੇਤਾ ਬਜਰੀ ਦੀ ਲੁੱਟ ਖਸੁੱਟ ਕਰਕੇ, ਮੰਤਰੀਆਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਰਾਜਸੀ ਵਿਰੋਧੀਆਂ ਤੇ ਭੜਾਸ ਕੱਢਕੇ, ਬਦਲਾ ਲੈਣ ਵਾਸਤੇ ਤਾਂ ਸਰਕਾਰਾਂ ਕੋਲ ਵਕਤ ਹੁੰਦਾ ਹੈ, ਪਰ ਚੋਣਾਂ ਜਿੱਤਣ ਉਪਰੰਤ, ਕੀਤੇ ਵਾਅਦਿਆਂ ਨੂੰ ਨਿਭਾਉਣ ਦਾ ਸਮਾਂ ਨਹੀਂ ਹੁੰਦਾ। ਇਹ ਸਿਲਸਿਲਾ ਹਰ ਇਲੈਕਸ਼ਨ ਤੇ ਦੁਹਰਾਇਆ ਜਾਂਦਾ ਹੈ, ਪਰ ਵੋਟਰ ਚੋਣਾਂ ਦੇ ਵਕਤ, ਹਰੇਕ ਵਾਰ ਇਨਾਂ ਦੇ ਚੁੰਗਲ ਵਿੱਚ ਫਸ ਹੀ ਜਾਂਦੇ ਹਨ, ਬੇਸ਼ੱਕ ਅਜੋਕਾ ਵੋਟਰ ਸਿਆਣਾ ਅਤੇ ਸਮਝਦਾਰ ਹੋ ਰਿਹਾ ਹੈ, ਪਰ ਇਸਦੇ ਐਨ ਉਲਟ, ਸਿਆਸਤਦਾਨ ਵੀ ਨਵੀਆਂ ਨਵੀਆਂ ਸਕੀਮਾਂ ਲੈ ਕੇ ਜਨਤਾ ਦੀ ਕਚਹਿਰੀ ਪਹੁੰਚ, ਨਵੇਂ ਤੋਂ ਨਵੇਂ ਤਰੀਕੇ ਨਾਲ ਵੋਟਾਂ ਹਥਿਆਉਣ ਦੇ ਮਾਹਿਰ ਹੁੰਦੇ ਜਾ ਰਹੇ ਹਨ। ਜਦੋਂ ਤੱਕ ਵੋਟਰ, ਸਿਆਸਤਦਾਨਾਂ ਦੇ ਇਹ ਸਾਰੇ ਡਰਾਮੇ, ਡੂੰਘਾਈ ਨਾਲ ਨਹੀਂ ਸਮਝਦਾ, ਕਿਸਾਨਾਂ, ਗਰੀਬਾਂ ਅਤੇ ਮੱਧਵਰਗ ਦੇ ਲੋਕਾਂ ਨੂੰ ਮਾਰ ਪੈਂਦੀ ਹੀ ਰਹੇਗੀ। ਰਾਜਸੀ ਲੋਕ, ਰਾਜ ਪ੍ਰਾਪਤੀ ਉਪਰੰਤ ਪੰਜ ਸਾਲ ਕੁਰਸੀ ਤੇ ਬੈਠ ਕੇ, ਸਾਨੂੰ ਦਬਾਉਣ ਅਤੇ ਸਚਾਈ ਦੀ ਅਵਾਜ ਨੂੰ ਜਬਰੀ ਰੋਕ ਕੇ ਆਪਣੀ ਟਰਮ ਸ਼ਾਨੋ ਸ਼ੌਕਤ ਨਾਲ ਪੂਰੀ ਕਰਨੀ ਆਪਣਾ ਇਖਲਾਕੀ ਹੱਕ ਸਮਝਦੇ ਹਨ ਅਤੇ ਅਸੀਂ, ਪੰਜ ਸਾਲ, ਧਰਨਿਆਂ, ਨਾਹਰਿਆਂ ਅਤੇ ਗ੍ਰਿਫਤਾਰੀਆਂ ਦੇ ਦੇ ਕੇ ਬਿਤਾਈ ਜਾ ਰਹੇ ਹਾਂ, ਇਹ ਸਿਲਸਿਲਾ ਸ਼ਾਇਦ ਕਦੀ ਵੀ ਬੰਦ ਨਹੀਂ ਹੋਵੇਗਾ, ਕਿਉਂਕਿ ਹਰੇਕ ਵਾਰ ਹਕੂਮਤੀ ਪਾਰਟੀ ਕੋਲੋਂ ਧੱਕੇ ਖਾਣ ਤੋਂ ਬਾਅਦ, ਪੰਜ ਸਾਲ ਪਹਿਲਾਂ ਠੁਕਰਾਈ ਪਾਰਟੀ ਨੂੰ ਦੁਬਾਰਾ ਅਹਿਮੀਅਤ ਦੇਣਾ ਸਾਡਾ ਸੁਭਾਅ ਬਣ ਚੁੱਕਾ ਹੈ, ਪ੍ਰੀਵਰਤਨ ਦੀ ਉਮੀਦ ਅਸੀਂ ਕਰਦੇ ਜਰੂਰ ਹਾਂ, ਪਰ ਅਮਲ ਕਰਨਾ ਸਾਡੇ ਵੱਸ ਨਹੀਂ ਜਾਪਦਾ।