*ਦਿੱਲੀ ਸਰਕਾਰ ਅਤੇ ਜਾਗੋ ਪਾਰਟੀ ਦੀ ਮਿਲੀਭੁਗਤ ਵਾਲੀ ਨੀਤੀ ਨੂੰ ਮਿਲੀ ਨਮੋਸ਼ੀ , ਭਾਰਤੀ ਅਦਾਲਤ ਨੇ ਸਿਰਸਾ ਗਰੁੱਪ ਦਾ ਚੋਣ ਨਿਸ਼ਾਨ ਬਾਲਟੀ ਰੱਖਿਆ ਬਰਕਰਾਰ-ਸ਼੍ਰੋਮਣੀ ਅਕਾਲੀ ਦਲ ਯੂਰੋਪ*

ਪੈਰਿਸ 01 ਅਪ੍ਰੈਲ ( ਪੰਜਾਬ ਐਕਸਪ੍ਰੈਸ ਨਿਊਜ ) ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਦੇ ਅਹੁਦੇਦਾਰਾਂ , ਮੈਂਬਰਾਂ ਅਤੇ ਸਹਿਯੋਗੀਆਂ ਬਾਰੇ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ , ਜਿਤਨੇ ਕੰਮ ਭਾਵੇਂ ਉਹ ਲੋਕ ਭਲਾਈ ਦੇ ਹੋਣ , ਦੇਸ਼ ਸੇਵਾ ਦੇ ਹੋਣ ਜਾਂ ਸਿੱਖ ਕੌਮ ਨਾਲ ਸਬੰਧਿਤ ਕਾਰਜ ਹੋਣ , ਉਹ ਸਾਰੇ ਦੇ ਸਾਰੇ ਕਾਰਜ , ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਜੀ ਸਿਰਸਾ ਅਤੇ ਉਸਦੇ ਸਾਥੀ ਕਰ ਰਹੇ ਹਨ | ਸ਼ਾਇਦ ਹੀ ਇਸਤੋਂ ਪਹਿਲਾਂ ਇਤਨੇ ਵੱਡੇ ਲੈਵਲ ਤੇ ਸਾਬਕਾ ਪ੍ਰਧਾਨਾਂ ਵਲੋਂ ਕੀਤੇ ਗਏ ਹੋਣ |
ਕੋਰੋਨਾਂ ਕਾਲ ਦੀ ਮਹਾਂਮਾਰੀ ਭਾਵੇਂ ਦੁਨੀਆ ਵਾਸਤੇ ਇੱਕ ਸ੍ਰਾਪ ਬਣੀ ਹੋਈ ਹੈ , ਐਪਰ ਇਸ ਪੀਰੀਅਡ ਦੌਰਾਨ ਜੋ ਸੇਵਾਵਾਂ ਦਿਲੀ ਕਮੇਟੀ ਨੇ ਲੋਕ ਹਿੱਤ ਵਾਸਤੇ ਨਿਭਾਈਆਂ ਸਨ , ਉਸਦੀ ਤਾਰੀਫ ਉਸ ਵੇਲੇ ਦੇ ਵੱਡੇ ਵੱਡੇ ਪੁਲਿਸ ਅਫਸਰਾਂ , ਵਿਦੇਸ਼ੀ ਦੇਸ਼ਾਂ ਦੇ ਡਿਪਲੋਮੈਟਾ , ਸਰਕਾਰੀ ਅਤੇ ਗੈਰ ਸਰਕਾਰੀ ਅਧਿਕਾਰੀਆਂ ਨੇ ਵੀ ਕੀਤੀ ਸੀ | ਇਹ ਇੱਕ ਉਹ ਵੇਲਾ ਸੀ , ਜਿਸਨੂੰ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਉਸਦੀ ਟੀਮ ਦੇ ਸਾਥੀ ਮੈਂਬਰਾਂ ਨੇ ਬਾਖੂਬੀ ਨਿਭਾਇਆ , ਘਰ ਘਰ ਲੰਗਰਾਂ ਅਤੇ ਹੋਰ ਜਰੂਰੀ ਵਸਤਾਂ ਦੇ ਪ੍ਰਬੰਧ ਦਿੱਲੀ ਕਮੇਟੀ ਦੀ ਸਮੁੱਚੀ ਟੀਮ ਨੇ ਆਪਣੇ ਸਟਾਫ ਦੇ ਸਹਿਯੋਗ ਨਾਲ ਪੁਖਤਾ ਤੌਰ ਤੇ ਇਤਨੇ ਵਧੀਆ ਤਰੀਕੇ ਨਾਲ ਕੀਤੇ ਸਨ ਕਿ ਸਾਰੀ ਸਾਰੀ ਰਾਤ ਉੱਚ ਕੋਟੀ ਦੇ ਅਫਸਰ ਗੁਰਦਵਾਰਿਆਂ ਦੀ ਪ੍ਰਕਰਮਾਂ ਕਰਦੇ ਵੀ ਦੇਖੇ ਗਏ ਸਨ |
ਸਾਰਾ ਕੁਝ ਤਾਂ ਹੀ ਹੁੰਦਾ ਹੈ , ਜੇਕਰ ਪ੍ਰਮਾਤਮਾਂ ਦਾ ਸਾਥ ਅਤੇ ਨੀਯਤ ਸਾਫ ਹੋਵੇ ਤਾਂ !! ਚਲੋ ਰਲਾ ਮਿਲਾ ਕੇ ਮਨਜਿੰਦਰ ਸਿੰਘ ਜੀ ਸਿਰਸਾ ਨਿਰਸੁਆਰਥੀ ਸੇਵਕ ਬਣ ਕੇ ਉਭਰੇ ਤੇ ਸਾਰੀ ਦੁਨੀਆਂ ' ਚ ਸਿੱਖਾਂ ਦੇ ਨਾਮ ਦੀ ਬੱਲੇ ਬੱਲੇ ਕਰਵਾ ਦਿੱਤੀ | ਸਿਆਣੇ ਕਹਿੰਦੇ ਹਨ ਕਿ ਕਿਸੇ ਨੂੰ ਮਾਂਹ ਵਾਦੀ ਤੇ ਕਿਸੇ ਨੂੰ ਸੁਆਦੀ , ਵਾਲੀ ਕਹਾਵਤ ਸਿਰਸਾ ਜੀ ਤੇ ਠੀਕ ਢੁੱਕ ਗਈ | ਸਿਰਸਾ ਜੀ ਉੱਪਰ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਵਿਰੋਧੀਆਂ ਵਲੋਂ ਬਿਨਾਂ ਵਜਾਹ ਲਗਾਏ ਜਾ ਰਹੇ ਇਲਜਾਮ ਇਸ ਮਹਾਨ ਸੇਵਾ ਦੇ ਹੇਠਾਂ ਦੱਬ ਕੇ ਰਹਿ ਗਏ ਹਨ | ਆਪਣੀ ਹੋਂਦ ਦਰਸਾਉਣ ਵਾਸਤੇ ਇਸੇ ਕਮੇਟੀ ਦੇ ਪੁਰਾਣੇ ਮੁਖੀ ਜੋ ਮਰਜੀ ਕਹੀ ਜਾਣ , ਐਪਰ ਕਿਸਾਨ ਅੰਦੋਲਨ , ਕੋਰੋਨਾਂ ਅਤੇ ਛੱਬੀ ਜਨਵਰੀ ਨੂੰ ਸਰਕਾਰੀ ਸ਼ਹਿ ਤੇ ਵਾਪਰੀਆਂ ਘਟਨਾਵਾਂ ਦੇ ਮਸਲੇ ਹੱਲ ਕਰਵਾਉਣ ਨੂੰ ਆਪਣੇ ਹਥਾਂ ਵਿੱਚ ਲੈ ਲਏ ਜਾਣ ਕਾਰਨ ਸਿਰਸਾ ਜੀ ਦਾ ਕੱਦ ਕਾਠ ਇਸ ਵੇਲੇ ਆਪਣਿਆਂ ਤੋਂ ਇਲਾਵਾ , ਵਿਰੋਧੀ ਧਿਰਾਂ ਦੇ ਮਨਾਂ ਵਿੱਚ ਵੀ ਅੰਦਰ ਤੱਕ ਘਰ ਕਰ ਚੁੱਕਾ ਹੈ , ਜਿਸਦੇ ਇਮੇਜ ਨੂੰ ਤੋੜਨਾ ਹੁਣ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹੀ |
ਆਹ ਇੱਕ ਤਾਜਾ ਉਦਾਹਰਣ ਦਿੱਲੀ ਸਰਕਾਰ ਅਤੇ ਜਾਗੋ ਪਾਰਟੀ ਦੀ ਮਿਲੀਭੁਗਤ ਵਾਲੀ ਕੋਝੀ ਨੀਤੀ ਦੇ ਕਫਣ ਵਿੱਚ ਵੀ ਕਿਲ ਸਾਬਿਤ ਹੋਈ ਹੈ , ਜਿਹੜਾ ਭਾਰਤੀ ਅਦਾਲਤ ਨੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀਦਲ ਦੇ ਪੁਰਾਣੇ ਚੋਣ ਨਿਸ਼ਾਨ ਬਾਲਟੀ ਨੂੰ ਬਰਕਰਾਰ ਰੱਖਿਆ ਹੈ | ਇਸੇ ਲਈ ਹੀ ਅਸੀਂ ਉੱਪਰ ਲਿਖਿਆ ਹੈ ਕਿ ਵਿਰੋਧੀ ਰਾਜਨੀਤਿਕ ਪਾਰਟੀਆਂ ਵਾਲੇ ਜਿਤਨੇ ਮਰਜੀ ਗਲਤ ਹੱਥਕੰਢੇ ਆਪਣਾ ਲੈਣ , ਉਹ ਸਾਡੇ ਧਾਰਮਿਕ ਮਾਮਲਿਆਂ ਜਾਂ ਧਾਰਮਿਕ ਚੋਣਾਂ ਵਿੱਚ ਥੋੜੀ ਕੀਤਿਆਂ ਲੱਤ ਨਹੀਂ ਅੜਾਅ ਸਕਦੇ , ਜਿਤਨੀ ਦੇਰ ਤੱਕ ਸਾਡੇ ਆਪਣੇ ਸਿੱਖ ਭਰਾ ਖੁੱਦ ਆਪ ਅੰਦਰਲੇ ਭੇਤ ਦੇ ਕੇ ਦੂਸਰੇ ਦੇ ਹੱਥਾਂ ਵਿੱਚ ਨਾ ਖੇਡਣ | ਆਹ ਜਿਹੜੇ ਨਿੱਤ ਬਿਆਨ ਕਦੇ ਸ਼ੈਂਟੀ , ਕਦੇ ਪਰਮਿੰਦਰਪਾਲ ਜਾਂ ਫਿਰ ਕਿਸੇ ਹੋਰ ਵਲੋਂ , ਇਨ੍ਹਾਂ ਦੇ ਇਲਜਾਮ ਸਿਰਫ ਤੇ ਸਿਰਫ ਆਪਣੇ ਸਿੱਖ ਭਰਾਵਾਂ ਦੇ ਹੀ ਵਿਰੁੱਧ ਹੁੰਦੇ ਹਨ , ਭਾਵੇਂ ਉਹ ਸਿਰਸਾ ਜੀ ਜਾਂ ਫਿਰ ਪੁਰਾਣੇ ਪ੍ਰਧਾਨਾਂ ਵਿੱਚੋਂ ਕਿਸੇ ਦੇ ਵਿਰੁੱਧ ਹੋਣ | ਫਿਰ ਬਿਆਨ ਦੇਣ ਲੱਗਿਆਂ ਖੁੱਦ ਆਪਣੇ ਬਾਰੇ ਵੀ ਗਲਤ ਬੋਲ ਦੇਣਾ , ਇਨ੍ਹਾਂ ਦੀ ਭੈੜੀ ਆਦਤ ਬਣ ਚੁੱਕੀ ਹੈ ,ਜੋ ਕਿ ਸਿੱਖ ਸਿਆਸਤ ਵਿੱਚ ਹੈਸੀਅਤ ਰੱਖਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੀ ਸ਼ਾਨ ਵਿੱਚ ਹੀ ਗਿਰਾਵਟ ਲਿਆ ਰਹੀ ਹੈ , ਜਿਸਤੋਂ ਬਚਣ ਦੀ ਲੋੜ ਹੈ |
ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਕਿ ਇਹੋ ਜਿਹੇ ਬੜਬੋਲਿਆਂ ਨੂੰ ਮੂਹ ਨਾ ਲਾਇਆ ਜਾਵੇ ਤਾਂ ਹੀ ਇਹ ਚੁੱਪ ਹੋਣਗੇ , ਵਰਨਾ ਇਨ੍ਹਾਂ ਨੇ ਆਪ ਤਾਂ ਡੁੱਬਣਾ ਹੀ ਹੈ ਐਪਰ ਨਾਲ ਹੀ ਨਾਲ ਇਹ ਸਮੁੱਚੀ ਕੌਮ ਦੀ ਬਦਨਾਮੀ ਦਾ ਵੀ ਕਾਰਨ ਬਣ ਰਹੇ ਹਨ | ਗੋਲਕਾਂ ਵਿੱਚ ਉਤਨਾ ਉਲਟ ਫੇਰ ਨਹੀਂ ਹੁੰਦਾ ਜਿਤਨਾ ਇਹ ਸਾਰੇ ਰੌਲਾ ਪਾ ਪਾ ਕੇ ਖੁੱਦ ਆਪਣੇ ਹੱਥੀਂ ਚੁਣੀਆਂ ਕਮੇਟੀਆਂ ਦੀ ਬਦਨਾਮੀ ਦਾ ਕਾਰਨ ਆਪ ਹੀ ਬਣ ਜਾਂਦੇ ਹਨ , ਜੋ ਕਿ ਸਾਧ ਸੰਗਤ ਦੀ ਨਜਰ ਵਿੱਚ ਵੀ ਹਾਸੋਹੀਣੀ ਗੱਲ ਬਣ ਰਹੀ ਹੈ | ਜਾਗੋ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਵੀ ਬੇਨਤੀ ਹੈ ਕਿ ਮੈਦਾਨ ਵਿੱਚ ਆ ਕੇ ਸਾਧ ਸੰਗਤ ਦੇ ਹੋਣ ਫੈਸਲੇ ਦਾ ਇੰਤਜਾਰ ਕਰੇ ਨਾ ਕਿ ਭੜਕਾਊ ਅਤੇ ਪਾਟੋਧਾੜ ਕਰਨ ਵਾਲੇ ਬੇਤੁੱਕੇ ਬਿਆਨ ਦੇ ਕੇ ਹਾਸੋਹੀਣੀ ਸਥਿਤੀ ਬਣਾਏ |