*ਭਾਜਪਾ ਨੇ ਹਲ਼ਕਾ ਵਿਧਾਇਕ ‘ਤੇ ਵਿਕਾਸ ਦੇ ਨਾਂ ’ਤੇ ਗੁਮਰਾਹ ਕਰਨ ਦੇ ਦੋਸ਼ ਲਗਾਏ*

ਤਲਵਾਡ਼ਾ,27 ਮਾਰਚ (ਪੰਜਾਬ ਐਕਸਪ੍ਰੈਸ ਨਿਊਜ਼)-ਹਲ਼ਕਾ ਵਿਧਾਇਕ ਪੇਂਡੂ ਖ਼ੇਤਰ ‘ਚ ਵਿਕਾਸ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਮੁਕੇਰੀਆਂ ਪ੍ਰਧਾਨ ਸੰਜੀਵ ਮਿਨਹਾਸ ਨੇ ਇੱਥੇ ਭਾਜਪਾ ਦੇ ਵੱਖ-ਵੱਖ ਮੋਰਚਿਆਂ ਦੇ ਆਗੂਆਂ ਨਾਲ ਮੀਟਿੰਗ ਉਪਰੰਤ ਮੀਡੀਆ ਨਾਲ ਸਾਂਝੇ ਕੀਤੇ। ਉਨ੍ਹਾਂ ਪੰਜਾਬ ਸਰਕਾਰ ’ਤੇ ਕੇਂਦਰ ਵੱਲੋਂ ਭੇਜੀਆਂ ਗ੍ਰਾਂਟਾਂ ਨੂੰ ਆਪਣੀ ਪ੍ਰਾਪਤੀ ਦੱਸਣ ਦੇ ਦੋਸ਼ ਲਗਾਏ ਹਨ।
ਇੱਥੇ ਭਾਜਪਾ ਦੇ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਦੀ ਸਾਂਝੀ ਮੀਟਿੰਗ ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਮਿਨਹਾਸ ਨੇ ਕਿਹਾ ਕਿ ਹੁੱਣ ਤੱਕ ਕੇਂਦਰ ਸਰਕਾਰ ਵੱਲੋਂ ਬਲਾਕ ਤਲਵਾਡ਼ਾ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵਿੱਤ ਕਮਿਸ਼ਨ ਤਹਿਤ 8.51 ਕਰੋਡ਼ ਰੁਪਏ ਦੇ ਕਰੀਬ ਗ੍ਰਾਂਟਾਂ ਨੂੰ ਪ੍ਰਾਪਤ ਹੋਈਆਂ ਹਨ। ਜ਼ਲਦ ਹੀ ਇੱਕ ਹੋਰ ਕਿਸ਼ਤ ਪੰਚਾਇਤ ਨੂੰ ਮਿਲਣ ਵਾਲੀ ਹੈ। ਕੇਂਦਰ ਸਰਕਾਰ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣ ਦੇ ਮਕਸਦ ਨਾਲ ਗ੍ਰਾਂਟ ਆਨਲਾਈਨ ਵਿਧੀ ਰਾਹੀਂ ਪੰਚਾਇਤੀ ਖਾਤਿਆਂ ‘ਚ ਸਿੱਧੀ ਪਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ‘ਚ ਚੱਲ ਰਹੇ ਵਿਕਾਸ ਕਾਰਜ, ਕੇਂਦਰ ਸਰਕਾਰ ਵੱਲੋਂ ਭੇਜੀ ਗ੍ਰਾਂਟ ਨਾਲ ਹੀ ਚੱਲ ਰਹੇ ਹਨ। ਉਨ੍ਹਾਂ ਕਾਂਗਰਸੀ ਵਿਧਾਇਕ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਪੰਜਾਬ ਸਰਕਾਰ ਨੇ ਹਲ਼ਕਾ ਦਸੂਹਾ ਦੇ ਵਿਕਾਸ ਲਈ ਪੰਚਾਇਤਾਂ ਨੂੰ ਕੀ ਦਿੱਤਾ। ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਨੇ ਕਿਹਾ ਕਿ ਲੋਕ ਸੂਝਵਾਨ ਹਨ, ਝੂਠ ਬੋਲ ਕੇ ਲੋਕਾਂ ਲੰਮੇ ਸਮੇਂ ਲਈ ਗੁਮਰਾਹ ਨਹੀਂ ਕੀਤਾ ਜਾ ਸਕਦਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੁਵਾ ਮੋਰਚਾ ਪ੍ਰਧਾਨ ਵਿਨੋਕ ਕੁਮਾਰ ਮਿੱਠੂ, ਕਿਸਾਨ ਮੋਰਚਾ ਦਾ ਪ੍ਰਧਾਨ ਤਿਲਕ ਰਾਜ, ਓਬੀਸੀ ਮੋਰਚਾ ਪ੍ਰਧਾਨ ਉਂਕਾਰ ਸਿੰਘ, ਮਹਿਲਾ ਮੋਰਚਾ ਪ੍ਰਧਾਨ ਮੰਜੂ ਬਾਲਾ, ਐਸਸੀ ਮੋਰਚਾ ਪ੍ਰਧਾਨ ਉਂਕਾਰ ਸਿੰਘ ਆਦਿ ਹਾਜ਼ਰ ਸਨ।
ਵਿਧਾਇਕਾ ਦੀ ਪ੍ਰਤੀਕਰਮ –
ਹਲ਼ਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ’ਤੇ ਕੋਈ ਅਹਿਸਾਨ ਨਹੀਂ ਕਰ ਰਹੀ ਹੈ। ਨਾ ਹੀ ਕੇਂਦਰ ਸਰਕਾਰ ਪੰਚਾਇਤਾਂ ਨੂੰ ਆਪਣੇ ਪੱਲਿਓਂ ਪੈਸੇ ਭੇਜ ਰਹੀ ਹੈ। ਕੇਂਦਰ ਸਰਕਾਰ ਸੂਬੇ ‘ਚੋਂ ਜੀਐਸਟੀ ਸਮੇਤ ਵੱਖ-ਵੱਖ ਟੈਕਸਾਂ ਦੇ ਰੂਪ ‘ਚ ਅਰਬਾਂ ਰੁਪਇਆ ਇਕੱਠਾ ਕਰਦੀ ਹੈ। ਪੰਜਾਬ ਸਰਕਾਰ ਇਹ ਅਦਾਇਗੀ ਪੰਚਾਇਤਾਂ ਨੂੰ ਬਿਨ੍ਹਾਂ ਕਿਸੇ ਰੋਕ ਸਿੱਧੀ ਕਰ ਰਹੀ ਹੈ। ਭਾਜਪਾ ਨੇ ਅਕਾਲੀਆਂ ਦੇ ਸਹਿਯੋਗ ਨਾਲ ਸੂਬੇ ‘ਚ ਲਗਾਤਾਰ 10 ਸਾਲ ਰਾਜ ਕੀਤਾ। ਉਹ ਦੱਸਣ ਕਿ ਉਸ ਵਕਤ ਪੰਚਾਇਤਾਂ ਨੂੰ ਕਿੰਨੇ ਫੰਡ ਉਨ੍ਹਾਂ ਜ਼ਾਰੀ ਕੀਤੇ ਸਨ।